ਪਠਾਨਕੋਟ, 9 ਅਗਸਤ ( ਰਾਜਿੰਦਰ ਰਾਜਨ ਬਿਊਰੋ ) ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ, ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਗੌਸਾਈਪੁਰ ( ਬਲਾਕ ਪਠਾਨਕੋਟ-3 )ਸਕੂਲ ਦੀ ਬੱਚੀ ਮਾਨਸੀ ਨੇ ਸੋਲੋ ਡਾਂਸ ਦੀ ਪੇਸ਼ਕਾਰੀ ਨਾਲ ਰੌਨਕਾ ਲਾਈਆਂ। ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਮਜ਼ਦੂਰ ਦੀ ਧੀ ਨੂੰ ਤੇ ਦੇਖ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਮਾਨਸੀ ਦੀ ਅਧਿਆਪਿਕਾ ਸ੍ਰੀਮਤੀ ਭਾਰਤੀ ਅਤੇ ਮਾਨਸੀ ਦੇ ਮਾਪਿਆਂ ਨੂੰ ਪਿੰਡ ਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਮਾਨਸੀ ਨੂੰ ਦਾਖਲ ਕਰਵਾਉਣ ਦਾ ਸਾਡਾ ਫੈਸਲਾ ਹੋਇਆ ਸਹੀ ਸਾਬਤ।
ਅੱਜ ਆਪਣੀ ਬੇਟੀ ਨੂੰ ਟੀਵੀ ਤੇ ਦੇਖ ਮਾਨਸੀ ਦੀ ਮਾਤਾ ਅਲਕਾ ਨੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਕਿਹਾ ਕਿ ਸਾਡਾ ਆਪਣੀ ਬੇਟੀ ਨੂੰ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦਾ ਫੈਸਲਾ ਸਹੀ ਸਾਬਤ ਹੋਇਆ ਹੈ, ਜੇਕਰ ਅੱਜ ਸਾਡੀ ਬੇਟੀ ਸਰਕਾਰੀ ਸਕੂਲ ਨਾ ਹੁੰਦੀ ਤੇ ਅੱਜ ਉਸਨੂੰ ਟੀਵੀ ਤੇ ਆਉਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਆਨਲਾਈਨ ਸਿੱਖਿਆ ਦੇ ਨਾਲ-ਨਾਲ ਨੰਨੇ ਉਸਤਾਦ ਪ੍ਰੋਗਰਾਮ ਸ਼ੁਰੂ ਕਰਨ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਦਸਿਆ ਕਿ ਮਾਨਸੀ ਦੀ ਸਕੂਲ ਅਧਿਆਪਿਕਾ ਸ੍ਰੀਮਤੀ ਭਾਰਤੀ ਵੱਲੋਂ ਲਗਾਤਾਰ 10 ਦਿਨ ਆਨਲਾਈਨ ਡਾਂਸ ਦੀ ਕੋਚਿੰਗ ਦਿੱਤੀ ਗਈ ਅਤੇ ਉਸ ਤੋਂ ਬਾਅਦ ਆਪ ਹੀ ਸਾਰੀ ਵੀਡੀਓ ਸ਼ੂਟ ਕੀਤੀ ਗਈ।
ਕੌਣ ਕਹਿਤਾ ਹੈ ਕਿ ਆਸਮਾਨ ਮੇਂ ਛੇਦ ਨਹੀਂ ਹੋਤਾ, ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ।
ਇਹਨਾਂ ਲਾਈਨਾਂ ਨੂੰ ਸੱਚ ਕਰ ਵਿਖਾਇਆ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਗੌਸਾਈਪੁਰ ਦੀ ਅਧਿਆਪਿਕਾ ਸ੍ਰੀਮਤੀ ਭਾਰਤੀ ਨੇ, ਜਿਹਨਾਂ ਨੇ ਲਾਕਡਾਉਨ ਦੇ ਦਰਮਿਆਨ ਹੀ ਇਕ ਧੀ ਵਿੱਚ ਛਿੱਪੀ ਪ੍ਰਤਿਭਾ ਨੂੰ ਤਰਾਸ਼ ਕੇ ਸਾਹਮਣੇ ਲਿਆਂਦਾ ਅਤੇ ਡਾਂਸ ਦੀ ਸ਼ੁਟਿੰਗ ਕਰਨ ਲਈ ਲਾਕਡਾਉਨ ਕਾਰਨ ਬਾਜ਼ਾਰ ਬੰਦ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਸ਼ੁਟਿੰਗ ਨੂੰ ਪੂਰਾ ਕੀਤਾ।
ਪਿੰਡ ਗੌਸਾਈਪੁਰ ਦੇ ਸੋਸ਼ਲ ਵਰਕਰ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਹਰ ਐਤਵਾਰ ਨੂੰ ਦੂਰਦਰਸ਼ਨ ਤੇ ਚਲਾਏ ਜਾਂਦੇ ਨੰਨੇ ਉਸਤਾਦ ਪ੍ਰੋਗਰਾਮ ਉਹ ਹਰ ਹਫ਼ਤੇ ਆਪਣੇ ਬੱਚਿਆਂ ਨਾਲ ਬੈਠ ਕੇ ਦੇਖਦੇ ਹਨ, ਇਹ ਬੱਚਿਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਲਈ ਵਧੀਆ ਪਲੇਟਫਾਰਮ ਹੈ। ਅੱਜ ਦੇ ਪ੍ਰੋਗਰਾਮ ਦੀ ਬਕਾਇਦਾ ਉਹਨਾਂ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ।
ਨੰਨੇ ਉਸਤਾਦ ਪ੍ਰੋਗਰਾਮ ਲਈ ਕਿਸ ਤਰ੍ਹਾਂ ਹੁੰਦੀ ਹੈ ਚੋਣ।
ਨੰਨੇ ਉਸਤਾਦ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਆਈਟਮਾਂ ਦੀ ਕਈ ਪੜਾਵਾਂ ਵਿੱਚ ਸਕਰੀਨਿੰਗ ਕਮੇਟੀ ਵੱਲੋਂ ਸਕਰੀਨਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਦੱਸਿਆ ਕਿ ਟੀਵੀ ਤੇ ਆਉਣ ਵਾਲੇ ਪ੍ਰੋਗਰਾਮ ਦੀ ਵੀਡੀਓ ਸਭ ਤੋਂ ਪਹਿਲਾਂ ਜ਼ਿਲ੍ਹਾ ਟੀਮ ਵੱਲੋਂ ਚੈਕ ਕਰ ਕੇ ਮਾਪਦੰਡ ਤੇ ਸਹੀ ਉਤਰਣ ਵਾਲੀ ਵੀਡੀਓ ਜੋਨ ਪੱਧਰੀ ਟੀਮ ਨੂੰ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਟੇਟ ਟੀਮ ਨੂੰ, ਸਟੇਟ ਟੀਮ ਫਿਰ ਪੁਰੇ ਪੰਜਾਬ ਵਿੱਚ ਸਰਵੋਤਮ ਆਈਟਮਾਂ ਚੁੱਣ ਕੇ ਦੂਰਦਰਸ਼ਨ ਨੂੰ ਪ੍ਰਸਾਰਿਤ ਕਰਨ ਲਈ ਭੇਜ ਦਿੰਦੀ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ. ਸੰਜੀਵ ਗੌਤਮ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਮਾਨਸੀ ਦੇ ਮਾਪਿਆਂ, ਸਕੂਲ ਸਟਾਫ਼ ਅਤੇ ਸਮੂਹ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਮੁਬਾਰਕਾਂ ਦਿੰਦਿਆਂ ਤਸੱਲੀ ਪ੍ਰਗਟ ਕੀਤੀ ਕਿ ਬੱਚੇ ਮਨੋਰੰਜਨ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ।
ਇਸ ਮੌਕੇ ਤੇ ਸਕੂਲ ਹੈਡ ਟੀਚਰ ਸ਼ਸ਼ੀ ਬਾਲਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।